ਸਾਬਕਾ ਉਪ ਕੁਲਪਤੀ ਡਾਕਟਰ ਕੰਗ ਦੀ ਅਚਾਨਕ ਮੌਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ
ਵਾਤਾਵਰਨ ਪ੍ਰੇਮੀਆਂ ਤੇ ਬੁਧੀਜੀਵੀਆਂ ਨੇ ਦਿੱਤੀ ਸ਼ਰਧਾਂਜਲੀ
ਰੋਹਿਤ ਗੁਪਤਾ
ਗੁਰਦਾਸਪੁਰ , 5 ਮਈ 2024 : ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਉਪ ਕੁਲਪਤੀ ਡਾਕਟਰ ਐਮ ਐਸ ਕੰਗ ਦੀ ਅਮਰੀਕਾ ਵਿਖੇ ਹੋਈ ਅਚਾਨਕ ਮੌਤ ਤੇ ਗੁਰਦਾਸਪੁਰ ਸ਼ਹਿਰ ਦੇ ਬੁਧੀਜੀਵੀਆਂ ਨੇ ਸਥਾਨਕ ਰਾਮ ਸਿੰਘ ਦੱਤ ਹਾਲ ਵਿਖੇ ਸ਼ੋਕ ਸਭਾ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਜਮਹੂਰੀ ਅਧਿਕਾਰ ਸਭਾ ਪੰਜਾਬ ਗੁਰਦਾਸਪੁਰ ਦੇ ਪ੍ਰਧਾਨ ਡਾਕਟਰ ਜਗਜੀਵਨ ਲਾਲ ਦੀ ਪ੍ਰਧਾਨਗੀ ਹੇਠ ਇੱਕਠੇ ਹੋਏ ਵਾਤਾਵਰਨ ਪ੍ਰੇਮੀਆਂ ਅਤੇ ਬੁਧੀਜੀਵੀਆਂ ਨੇ ਉਨ੍ਹਾਂ ਦੇ ਪੰਜਾਬ ਦੀ ਖੇਤੀ ਬਾੜੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। 2007 ਤੋਂ 2011 ਤੱਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਉਪ ਕੁਲਪਤੀ ਰਹੇ ਐਮ ਐਸ ਕੰਗ ਨੇ ਯੂਨੀਵਰਸਿਟੀ ਦੀ ਤਰੱਕੀ ਲਈ ਵੱਡਮੁਲਾ ਯੋਗਦਾਨ ਪਾਇਆ ਹੈ। ਡਾਕਟਰ ਐਮ ਐਸ ਸਵਾਮੀ ਨਾਥਨ , ਡਾਕਟਰ ਗੁਰਦੇਵ ਸਿੰਘ ਖੁਸ਼ ਨਾਲ ਮਿਲ ਕੇ ਪੰਜਾਬ ਦੀ ਕਿਸਾਨੀ ਲਈ ਕਈ ਮਹੱਤਵਪੂਰਨ ਖੋਜ ਕਾਰਜ ਕੀਤੇ। ਪੰਜਾਬ ਦੀ ਕਿਸਾਨੀ ਨੂੰ ਗ਼ਰੀਬੀ ਦੀ ਦਲਦਲ ਵਿਚੋਂ ਬਾਹਰ ਕੱਢਣ ਲਈ ਯਤਨਸ਼ੀਲ ਰਹੇ।ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਪੜ੍ਹਾ ਕੇ ਵੀ ਉਨ੍ਹਾਂ ਦੇ ਦਿਲ ਵਿਚ ਪੰਜਾਬ ਪ੍ਰਤੀ ਗੁਰਦਾਸਪੁਰ ਦੀ ਐਗਰੀਕਲਚਰ ਯੂਨੀਵਰਸਿਟੀ ਨੂੰ ਰਿਜਨਲ ਸੈਂਟਰ ਬਣਾ ਕੇ ਅਨੇਕਾਂ ਪ੍ਰੋਜੈਕਟ ਸ਼ੁਰੂ ਕਰਨ ਦੇ ਯਤਨਾਂ ਨੂੰ ਨਹੀਂ ਭੁਲਾਇਆ ਜਾ ਸਕਦਾ।
ਰਾਮ ਸਿੰਘ ਦੱਤ ਯਾਦਗਾਰ ਹਾਲ ਕਮੇਟੀ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਰਿਆੜ ਨੇ ਦੱਸਿਆ ਕਿ ਡਾਕਟਰ ਕੰਗ ਦੇ ਪਿਤਾ ਜੀ ਸਰਦਾਰ ਗੁਰਦਿੱਤ ਸਿੰਘ ਕੰਗ ਨੇ ਇਨਕਮ ਟੈਕਸ ਦੇ ਉਘੇ ਵਕੀਲ ਅਤੇ ਲੇਖਕ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਸਿੱਧ ਰਚਨਾ ਜ਼ਫ਼ਰਨਾਮਾ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਖਮਾਣੋਂ ਵਿਖੇ ਨਰਸਿੰਗ ਕਾਲਜ ਦੀ ਦਾਨ ਕਰ ਦਿੱਤੀ। ਲੋੜਵੰਦ ਖੋਜ ਅਰਥੀ ਵਿਦਿਆਰਥੀਆਂ ਆਪਣੇ ਵਿੱਤੀ ਸਾਧਨਾਂ ਵਿਚੋਂ ਵਜ਼ੀਫ਼ੇ ਦਾ ਪ੍ਰਬੰਧ ਕੀਤਾ। ਦਿੱਲੀ ਵਿਖੇ ਕਿਰਸਾਨੀ ਅੰਦੋਲਨ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਜੈਨੇਟਿਕ ਵਿਗਿਆਨ ਅਤੇ ਖੇਤੀ ਬਾੜੀ ਦੇ ਹੋਰ ਖੇਤਰ ਨਾਲ ਸਬੰਧਤ ਉਨ੍ਹਾਂ ਦੇ ਖੋਜ ਨਿਬੰਧ ਅਕਸਰ ਅਖ਼ਬਾਰਾਂ ਵਿਚ ਛਪਦੇ ਰਹਿੰਦੇ ਸਨ। 76 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋਣ ਨਾਲ ਪੰਜਾਬ ਦੀ ਕਿਸਾਨੀ ਲਹਿਰ ਨੂੰ ਹੀ ਨਹੀਂ ਬਲਕਿ ਸਮੁੱਚੇ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਅੱਜ ਦੀ ਸ਼ੋਕ ਸਭਾ ਵਿਚ ਹੋਰਨਾਂ ਤੋਂ ਇਲਾਵਾ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ , ਅਸ਼ਵਨੀ ਕੁਮਾਰ ਜਨਰਲ ਸਕੱਤਰ, ਕਾਮਰੇਡ ਅਵਤਾਰ ਸਿੰਘ ਵਿੱਤ ਸਕੱਤਰ , ਨਾਮਵਰ ਲੇਖਕ ਸੁਭਾਸ਼ ਦੀਵਾਨਾ, ਪਰਵਿੰਦਰ ਰੰਧਾਵਾ, ਦੌਲਤ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ ਬਲਵੀਰ ਸਿੰਘ ਸਿੰਘ ਕਤੋਵਾਲ ਗੁਰਦੀਪ ਸਿੰਘ ਕਤੋਵਾਲ, ਜਸਵੰਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।